
ਕਰਨਾਟਕਾ 'ਚ ਸਿੱਖ ਨੌਜਵਾਨ ਨਾਲ ਕੁੱਟਮਾਰ ਮਾਮਲੇ 'ਚ ਕਾਰਵਾਈ ਕਰਦੇ ਹੋਏ ਕਰਨਾਟਕ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ|
ਤੁਹਾਨੂੰ ਦਸ ਦਈਏ ਕਿ ਬੀਤੇ ਦਿਨੇ ਕਰਨਾਟਕਾ ਦੇ ਕਾਲਬੁਰਗੀ ਇਲਾਕੇ 'ਚ 30-40 ਲੋਕਾਂ ਦੀ ਭੀੜ ਨੇ ਇੱਕ 25 ਸਾਲਾ ਨੌਜਵਾਨ ਅਵਤਾਰ ਸਿੰਘ ਨੂੰ ਸਿਰਫ਼ ਇਸ ਲਈ ਮਾਰਿਆ ਕੁੱਟਿਆ ਕਿਉਂਕਿ ਉਸ ਨੇ ਕਿਰਪਾਨ ਪਾਈ ਹੋਈ ਸੀ। ਸਿਰਫ਼ ਇੰਨਾ ਹੀ ਨਹੀਂ ਸਿੱਖ ਨੌਜਵਾਨ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ।
ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਕਰਨਾਟਕਾ ਦੇ ਜ਼ਿਲ੍ਹੇ ਕਾਲਬੁਰਗੀ ਦੇ ਕੋਡਲਾ ਵਿੱਚ ਪ੍ਰਾਈਵੇਟ ਜੇਸੀਬੀ ਕੰਪਨੀ ਦਾ ਡਰਾਈਵਰ ਸੀ ਤੇ ਉਹ ਮਾਰਕੀਟ ਤੋਂ ਕੁੱਝ ਸਮਾਨ ਲੈਣ ਗਿਆ ਸੀ ਜਿਸ ਦੌਰਾਨ ਉਸ ਨੂੰ ਭੀੜ ਵੱਲੋਂ ਰੋਕਿਆ ਗਿਆ ਤੇ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਕਿਰਪਾਨ ਕਿਉਂ ਪਾਈ ਹੈ, ਜਿਸ ਤੋਂ ਬਾਅਦ ਸਿੱਖ ਨੌਜਵਾਨ ਨੇ ਭੀੜ ਨੂੰ ਦੱਸਿਆ ਵੀ ਕਿ ਇਹ ਉਸ ਦੇ ਸਿੱਖ ਧਰਮ ਵਿੱਚ ਜ਼ਰੂਰੀ ਹੈ, ਜਿਸ ਨੇ ਅੰਮ੍ਰਿਤ ਛਕਿਆ ਹੁੰਦਾ ਹੈ ਉਸ ਨੂੰ ਇਹ ਪਾਉਣੀ ਪੈਂਦੀ ਹੈ ਪਰ ਕਿਸੇ ਨੇ ਇੱਕ ਨਾ ਸੁਣੀ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਉੱਧਰ ਦੂਜੇ ਪਾਸੇ ਸੇਡਮ ਪੁਲਸ ਸਟੇਸ਼ਨ ਵੱਲੋਂ ਇਸ ਸਾਰੇ ਮਾਮਲੇ 'ਤੇ ਐਫਆਈਆਰ ਦਰਜ ਕੀਤੀ ਗਈ ਜਿਸ ਵਿੱਚ ਦੱਸਿਆ ਕਿ ਅਵਤਾਰ ਸਿੰਘ 3 ਦਿਨ ਪਹਿਲਾਂ ਹੀ ਕਿਸੇ ਸੀਮੈਂਟ ਫ਼ੈਕਟਰੀ ਵਿੱਚ ਡਰਾਈਵਰ ਦੀ ਨੌਕਰੀ ਲਈ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਜਿਸ ਵਿੱਚ ਹਾਲੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੀੜਿਤ ਸਿੱਖ ਨੌਜਵਾਨ ਨੂੰ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਰ ਕੇ ਕਾਲਬੁਰਗੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੀੜਿਤ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੋਡਲਾ ਮਾਰਕੀਟ ਵਿੱਚ ਸੀ ਤਾਂ ਉਸ ਨੂੰ ਕੁੱਝ ਲੋਕਾਂ ਵੱਲੋਂ ਘੇਰ ਲਿਆ ਗਿਆ ਤੇ ਭੀੜ ਵੱਲੋਂ ਵਟ੍ਹਸਐਪ ਤੇ ਕੁੱਝ ਦੇਖਣ ਤੋਂ ਬਾਅਦ ਉਸ ਨੂੰ ਬੱਚਾ ਅਗਵਾ ਕਰਨ ਵਾਲਾ ਸਮਝਿਆ ਗਿਆ ਤੇ ਕੁੱਝ ਹੀ ਸਕਿੰਟਾਂ ਵਿੱਚ ਭੀੜ ਨੇ ਹਿੰਸਕ ਰੂਪ ਧਾਰ ਲਿਆ ਤੇ ਉਸ ਉੱਤੇ ਹਮਲਾ ਕਰ ਦਿੱਤਾ।
No comments:
Post a Comment